ਰਲ-ਮਿਲ ਕੇ ਮੈਨੂੰ ਉਗਾਇਆ ਸੀ
ਬਚਪਨ ਤੋਂ ਪਾਣੀ ਪਿਆਇਆ ਸੀ
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ
ਮੈਂ ਕਦ ਆਪਣਾ ਹੋਰ ਵਧਾਇਆ ਸੀ
ਸਾਲਾਂ ਵਿੱਚ ਹੋਈ ਮੁਟਿਆਰ ਜਦੋ ਮੈਂ
ਸਭ ਨੂੰ ਗੋਦ ਚ ਛਾਵੇਂ ਬਿਠਾਇਆ ਸੀ
ਕਹਿਣ ਹੁਣ ਨੀ ਸਰਦਾ ਬਕੈਂਣ ਬਾਜੋ
ਜਦ ਹਵਾ ਦਾ ਬੁੱਲ੍ਹਾ ਇੱਕ ਆਇਆ ਸੀ
ਸੁਣ ਅੰਗ ਮੇਰੇ ਵੀ ਬਹੁਤ ਨੱਚੇ ਗਾਏ
ਓਥੇ ਸਮਾਂ ਵੀ ਬਹੁਤ ਬਿਤਾਇਆ ਸੀ
ਹੌਲੀ-ਹੌਲੀ ਫਿਰ ਸਾਰ ਲੈਣੀ ਹਟਗੇ
ਇਕੱਲੇ ਇਕੱਲੇ ਮੈਨੂੰ ਫਿਰ ਠੁਕਰਾਇਆ ਸੀ
ਘਰ ਵੰਡ ਗਿਆ ਤੇ ਨਾਲ ਜਮੀਨਾਂ
ਵੇਹੜੇ ਵਿੱਚ ਖਲੋ ਕਤਲ ਕਰਾਇਆ ਸੀ
ਨਾਂ ਆਪ ਰਹੀ ਤੇ ਨਾਂ ਵੰਸ਼ ਰਿਹਾ 'ਦਰਦੀ'
ਮੈਂ ਤਾਂ ਸਭ ਨੂੰ ਹੀ ਗਲ ਲਾਇਆ ਸੀ
You May Also Like





