ਰੁੱਖਾ ਰੁੱਖਾ ਲੱਗਦਾ ਮਿਜਾਜ਼ ਤੇਰਾ ਕਲ੍ਹ ਦਾ,
ਸੋਹਣੀਏ ਮਨਾਇਆ ਬੁਰਾ ਦੱਸ ਕਿਹੜੀ ਗੱਲ ਦਾ।
ਨੈਣਾਂ ’ਚ ਕ੍ਰੋਧ ਅਤੇ ਮੱਥੇ ’ਤੇ ਸ਼ਿਕਨ,
ਬਦਲ ਗਿਆ ਏ ਰੰਗ ਗੋਰੀ ਗਲ੍ਹ ਦਾ
ਕਾਸਦ ਕੋਈ ਆਉਣ ਲਈ ਤਿਆਰ ਹੀ ਨਹੀਂ ਸੀ,
ਭਲਾ ਮੈਂ ਸੁਨੇਹੇ ਫਿਰ ਕਿਸ ਕੋਲ ਘੱਲਦਾ?
ਮਿਲਿਆਂ ਵਗੈਰ ਅੱਠ ਪਹਿਰ ਬੀਤ ਗਏ,
ਔਖਾ ਸੀ ਲੰਘਾਉਣਾ ਕਦੇ ਤੈਨੂੰ ਇਕ ਪਲ ਦਾ।

ਭੌਰਾਂ ਨੂੰ ਤਾਂ ਬਸ ਫੁੱਲਾਂ ਨਾਲ ਵਾਸਤਾ,
ਕਰਨਾ ਕੀ ਉਨ੍ਹਾਂ ਮਿੱਠੇ ਰਸ ਭਰੇ ਫਲ ਦਾ।
ਕਿਸੇ ਦੇ ਖਿਲਾਫ ਤੈਨੂੰ ਕਦੇ ਨਹੀਂ ਭੜਕਾਇਆ,
ਕੌਣ ਹੈ ਜੋ ਰਹਿੰਦਾ ਸਾਡੇ ਬਾਰੇ ਚੱਕ-ਥੱਲ ਦਾ

ਫਾਨੀ ਇਹ ਸਰੀਰ ਬਹੁਤਾ ਮਾਣ ਨਹੀਂ ਕਰੀਦਾ,
ਮੁੱਕ ਜਾਉ ਕਦੇ ਜਿਉਂ ਬੁਲਬੁਲਾਂ ਜਲ ਦਾ।
ਉਡੀਕਾਂ ਵਿਚ ਕਿਤੇ ਨਾ ਉਮਰ ਲੰਘ ਜਾਵੇ,
ਲੱਗਦਾ ਨ੍ਹੀਂ ਇਹ ਤੂਫਾਨ ਹੁਣ ਠੱਲਦਾ।
ਜ਼ੁਬਾਂ ਕੋਈ ਹੋਰ ਗੱਲ ਅੱਖਾਂ ਹੋਰ ਦਰਸਾਉਂਦੀਆਂ,
ਲੱਗਦਾ ਅਸਾਰ, ਇਹ ਤਾਂ ਕਿਸੇ ਛੱਲ ਦਾ।

ਕਦੇ ਦੋ ਜਿਸਮ ਇਕ ਜਾਨ ਹੁੰਦੇ ਸਾਂ,
ਜਗ੍ਹਾ ਆਪਣੇ ਵਿਚਾਲੇ ਫਾਸਲਾ ਕਿਉਂ ਜਾਂਦਾ ਮੱਲਦਾ।
ਕਰ ਦਿਉਗਾ ਦੋਫਾੜ, ਦੇਖੀਂ ਵਿਚੋਂ ਚੀਰ ਕੇ,
ਸਾਜ਼ਿਸ਼ਾਂ ਦਾ ਆਰਾ ਪਿਆਰ ਆਪਣੇ ’ਤੇ ਚੱਲਦਾ।
ਅੱਜ ਨਫਰਤ ਦਾ ਬੂਟਾ ਉਹ ਬ੍ਰਿਖ ਬਣਿਆ,
ਮੁਦੱਤਾਂ ਰਿਹਾ ਜੋ ਤੇਰੇ ਸੀਨੇ ਪਲ੍ਹਦਾ।
ਨਿਹਾਰੇ ਜੋ ਸੂਰਜ ਭਲਾ ਕੀਹਦੀ ਐ ਮਿਜਾਲ,
ਟਿਕਟਿਕੀ ਬੰਨ੍ਹ ਸਭ ਤੱਕ ਲੈਂਦੇ ਢੱਲਦਾ।

ਜ਼ਖਮਾਂ ਨੂੰ ਤੇਰੇ ਅਸੀਂ ਭਰਦੇ ਰਹੇ,
ਕਰੇਗਾ ਇਲਾਜ਼ ਕੌਣ ਸਾਡੇ ਇਸ ਸੱਲ ਦਾ।
ਹੱਥ ਨਾ ਮੈਂ ਲਾਵਾਂ ਤੇਰੇ ਟੁੱਟੇ ਵਾਲ ਨੂੰ,
ਮੌਜਾ ਤੂੰ ਹੰਢਾਵੇਂ ਸਦਾ ਮੇਰੀ ਖੱਲਦਾ।
ਬਦਲਾਂ ’ਚ ਰਲ ਅਸਮਾਨਾਂ ’ਤੇ ਜੋ ਪਹੁੰਚਿਆ,

ਕਤਰਾ ਸੀ ਕਦੇ ਉਹ ਸਮੁੰਦਰਾਂ ਦੇ ਤਲ ਦਾ।
ਚੰਗੇ ਭਲੇ ਕੰਮ ਨੂੰ ਵਿਗਾੜ ਕੇ ਰਹੂ,
ਜਿੱਦੀ ਤੇ ਮੂਰਖ ਟਾਲਿਆ ਨਾ ਟਲਦਾ।
ਹੋ ਗੈਰਾਂ ਦੀ ਤਰਫ ਚਾਹੇ ਤੋੜ ਯਾਰੀਆਂ,
ਪਰ ਮੈ ਸਦਾ ਰਹੂ ਤੇਰੇ ਵੱਲ ਦਾ...

Leave a Comment