ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ,
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ,
ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ,
ਸਾਂਭ ਕੇ ਰੱਖੇ ਖ਼ਤ ਮੈ ਪੜ੍ਹਦਾ ਰਹਿੰਦਾ ਹਾਂ,
ਦੁਸ਼ਮਣ ਤਾਂ ਦੁਸ਼ਮਣ ਨੇ ਉਹਦਾ ਡਰ ਕਾਹਦਾ,
ਸੱਜਣਾਂ ਕੋਲੋਂ ਅੱਜਕਲ ਡਰਦਾਂ ਰਹਿੰਦਾਂ ਹਾਂ,
ਉਹ ਵੀ ਦਿਨ ਸਨ ਪੋਹ ਵਿੱਚ ਨੰਗੇ ਫ਼ਿਰਦੇ ਸੀ,
ਹਾੜ ਮਹੀਨੇ ਅੱਜਕਲ ਠਰਦਾ ਰਹਿੰਦਾ ਹਾਂ,
ਹੱਥ ਨਾ ਆਇਆ ਵੇਲਾ ਹੱਥੋਂ ਨਿਕਲ ਗਿਆ,
ਵਾਂਗ ਸ਼ੁਦਾਈਆਂ ਭੱਜ ਭੱਜ ਫ਼ੜਦਾ ਰਹਿੰਦਾ ਹਾਂ,
ਸਾਰੀ ਉਮਰ ਨਾ ਮੰਦਰ ਕਦੇ ਮਸੀਤ ਗਿਆ,
ਬੁੱਢਾ ਹੋਇਆ ਰੱਬ ਰੱਬ ਕਰਦਾ ਰਹਿੰਦਾ ਹਾਂ,
ਸ਼ੌਂਕ ਸੀ ਮੈਨੂੰ ਅੱਗਾਂ ਦੇ ਨਾਲ ਖੇਡਣ ਦਾ,
ਜੁਗਨੂੰਆਂ ਕੋਲੋਂ ਅੱਜਕਲ ਡਰਦਾ ਰਹਿੰਦਾ ਹਾਂ...