ਦੇਖੀਂ ਦਾਤਾ ਮਿਹਰ ਕਰੀਂ, ਅਰਦਾਸ ਇਹ ਤੇਰੇ ਅੱਗੇ ਵੇ,
ਰੋਜ਼ ਹੀ ਚੜ੍ਹ ਕੇ ਆ ਜਾਨਾ ਏਂ, ਘਟਾ ਤੋਂ ਡਰ ਪਿਆ ਲੱਗੇ ਵੇ।
ਘਰ ਆ ਲੈਣ ਦੇ ਜੱਟ ਦੇ ਦਾਣੇ, ਪਹਿਲਾਂ ਹੀ ਮਾਰ ਲਏ ਮਾਰਾਂ ਨੇ,
ਕਰਜ਼ੇ ਵਿੰਨ੍ਹਿਆ ਪੋਟਾ-ਪੋਟਾ, ਖਾ ਲਿਆ ਕੁਝ ਸਰਕਾਰਾਂ ਨੇ।
ਕਣਕ ਦਾ ਥੋੜ੍ਹਾ ਰੇਟ ਵਧਾ ਕੇ, ਚੌੜੇ ਹੋ ਹੋ ਕਰਨ ਬਿਆਨ,
ਵਿਚ ਹਜ਼ਾਰਾਂ ਖਰਚੇ ਵੱਧ ਗਏ, ਉਨ੍ਹਾਂ ਵੱਲ ਨਾ ਦੇਣ ਧਿਆਨ।
ਉਮਰੋਂ ਬੁੱਢਾ ਲੱਗੇ ਬਾਪੂ, ਬੇਬੇ ਮੇਰੀ ਪਈ ਬਿਮਾਰ,
ਤੂੜੀ ਵਾਲਾ ਢਹਿੰਦਾ ਜਾਂਦਾ, ਫੇਰ ਡੂੰਘਾਈ ਲਈ ਬੋਰ ਤਿਆਰ।
ਕੋਠੇ ਜਿੱਡੀ ਭੈਣ ਹੋ ਗਈ, ਉਸ ਦਾ ਵਿਆਹ ਵੀ ਕਰਨਾ ਹੈ,
ਆੜ੍ਹਤੀਆਂ ਤੇ ਕਰਜ਼ਾ ਬੈਂਕ ਦਾ ਏਸੇ ਵਿਚੋਂ ਭਰਨਾ ਹੈ।
ਪਿਛਲੇ ਸਾਲ ਜਦ ਗੜੇ ਪਏ ਸੀ, ਸਾਰੇ ਖੇਤ ਬਰਬਾਦ ਹੋਏ,
ਕੁਝ ਤਾਂ ਕਰ ਗਏ ਖੁਦਕੁਸ਼ੀਆਂ ਸੀ, ਪਿਛਲੇ ਜਿਊਂਦੇ ਗਏ ਮੋਏ।
ਅਮੀਰਾਂ ਦੀ ਜੇ ਖੋ ਜਏ ਕਤੂਰੀ, ਵੱਜਣ ਹੂਟਰ ਹਰ ਸੜਕ ਪਹੇ,
ਸਾਡੀਆਂ ਮੱਝਾਂ ਲੈ ਗਏ ਜਿਹੜੇ, ਅਜੇ ਤੱਕ ਨਾ ਫੜੇ ਗਏ।
ਮੰਗਤੇ, ਬਾਬੇ, ਡੇਰਿਆਂ ਵਾਲੇ, ਕਦੇ ਨਾ ਖਾਲੀ ਮੁੜਨ ਦਿੱਤੇ,
ਆਪ ਭਾਵੇਂ ਅਸੀਂ ਰਹੀਏ ਭੁੱਖੇ, ਪਰ ਭੰਡਾਰ ਨਾ ਥੁੜਨ ਦਿੱਤੇ।
ਜੇ ਤੂੰ ਨਾ ਬਖਸ਼ੇ ‘ਕੱਲਾ ਬਾਪੂ, ਧੁੱਪੇ ਫੇਰ ਨੀ ਸੜਨ ਦੇਣਾ,
ਛੱਡ ਪੜ੍ਹਾਈ ਖੇਤੀ ਲੱਗ ਜੂੰ, ਅਫਸਰ ਤੂੰ ਨੀ ਬਣਨ ਦੇਣਾ।
ਸਾਰੀ ਦੁਨੀਆ ਬਣ ਗਈ ਵੈਰੀ, ਤੂੰ ਤਾਂ ਦਾਤਾ ਇੰਝ ਨਾ ਕਰ,
ਬੱਦਲ, ਹਨੇਰੀ, ਟਾਲ ਕੇ ਰੱਖ ਲੈ, ਹੋਰ ਨੀ ਹੁੰਦਾ ਸਾਥੋਂ ਜ਼ਰ।